48 ਸਾਲਾਂ ਦੇ ਅਸਮੀਨਾ ਆਪਣੀ ਸਹਿਕਰਮੀ ਜ਼ੁਬੈਦਾ ਨਾਲ਼ ਉਹ ਸਮਾਂ ਯਾਦ ਕਰ ਕੇ ਹੱਸ ਰਹੇ ਹਨ ਜਦ ਉਹ ਕਣਕ ਦੇ ਪਰਾਲ਼ ਨਾਲ਼ ਛੋਟੀਆਂ ਟੋਕਰੀਆਂ ਬੁਣਦੀਆਂ ਹੁੰਦੀਆਂ ਸਨ ਜਿਨ੍ਹਾਂ ਨੂੰ ਉਹਨਾਂ ਦੀਆਂ ਮਾਵਾਂ ਸੁੱਟ ਦਿੰਦੀਆਂ ਸਨ। ਮੇਵਾਤ ਇਲਾਕੇ ਦੀਆਂ ਜਿਆਦਾਤਰ ਕੁੜੀਆਂ ਵਾਂਗ ਇਹਨਾਂ ਨੇ ਆਪਣੀਆਂ ਮਾਵਾਂ ਦੇ ਕਹਿਣ ‘ਤੇ ਬੁਣਤੀ ਸਿੱਖੀ ਸੀ, ਤਦ ਉਹਨਾਂ ਨੂੰ ਇਸ ਗੱਲ ਦਾ ਇਲਮ ਵੀ ਨਹੀਂ ਸੀ ਕਿ ਇਹ ਇੱਕ ਦਿਨ ਉਹਨਾਂ ਦੀ ਕਮਾਈ ਦਾ ਜ਼ਰੀਆ ਬਣ ਜਾਵੇਗਾ।
“ਅਸੀਂ ਇਹ ਬਣਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਦੇ ਦਿੰਦੇ ਸੀ। ਅਬ ਜਬ ਬਿਕਣ ਲਾਗੇਂ ਤੋ ਹਮ ਨਾ ਦੇਵੇਂ ਫ਼੍ਰੀ ਮੇਂ [ਹੁਣ ਜਦ ਇਹ ਵਿਕਣ ਲੱਗੀਆਂ ਤਾਂ ਅਸੀਂ ਮੁਫ਼ਤ ਵਿੱਚ ਕਿਉਂ ਦਈਏ],” ਅਸਮੀਨਾ ਹੱਸ ਕੇ ਕਹਿੰਦੇ ਹਨ।
ਹਰਿਆਣਾ ਦੇ ਨੂਹ ਜਿਲ੍ਹੇ ਦੇ ਘਾਸੇੜਾ ਪਿੰਡ ਵਿੱਚ ਆਪਣੇ ਘਰ ਦੇ ਵਿਹੜੇ ਵਿੱਚ ਸਿਮਿੰਟ ਦੇ ਬੈਂਚ ‘ਤੇ ਬੈਠਿਆਂ ਉਹ ਦੇਸੀ ਗੇਹੂੰ (ਦੇਸੀ ਕਣਕ) ਦੀਆਂ ਬਾਂਹ ਜਿੰਨੀਆਂ ਲੰਬੀਆਂ ਕਣਕ ਦੀਆਂ ਛਿਟੀਆਂ ਕੱਢਦੇ ਹਨ ਤੇ ਉਹਨਾਂ ਨੂੰ ਇੱਕ ਬਰੀਕ ਸੂਈ ਨਾਲ਼ ਉਸ ਨੂੰ ਪੰਜ ਲੜੀਆਂ ਵਿੱਚ ਪਾੜ ਲੈਂਦੇ ਹਨ। ਇੱਕ ਲੜੀ ਲੈ ਕੇ ਇਸ ਨਾਲ਼ ਬੜੀ ਹੀ ਕੁਸ਼ਲਤਾ ਨਾਲ਼ ਚੰਗੇਰੀ (ਛੋਟੀ ਟੋਕਰੀ) ਦੀ ਬੁਣਤੀ ਜਾਰੀ ਰੱਖਦੇ ਹਨ।
“ਅਗਰ ਘਰ ਮੇਂ ਮਹਿਮਾਨ ਆਗੋ ਔਰ ਚੰਗੇਰੀ ਮੇਂ ਰੋਟੀ ਧਰ ਕੇ ਨਾ ਦੀ, ਤੋ ਯੂ ਕੈਂਗੇ ਕਿ ਅਸਮੀਨਾ ਨੇ ਪਲੇਟ ਮੇਂ ਰੋਟੀ ਧਰ ਕੇ ਦੀ, ਚੰਗੇਰੀ ਮੇਂ ਨਾ ਦੀ [ ਜੇ ਘਰੇ ਮਹਿਮਾਨ ਆਏ ਅਤੇ ਮੈਂ ਰੋਟੀ ਚੰਗੇਰੀ ਵਿੱਚ ਨਾ ਦਿੱਤੀ ਤਾਂ ਉਹ ਸ਼ਿਕਾਇਤ ਕਰਨਗੇ ਕਿ ਰੋਟੀਆਂ ਪਲੇਟ ਵਿੱਚ ਰੱਖ ਕੇ ਦਿੱਤੀਆਂ ਸਨ],” ਅਸਮੀਨਾ ਦਾ ਕਹਿਣਾ ਹੈ।
ਚੰਗੇਰੀ ਬਹੁ-ਮੰਤਵੀ ਟੋਕਰੀਆਂ ਹੁੰਦੀਆਂ ਹਨ ਜੋ ਹਰਿਆਣਾ ਦੇ ਮੇਵਾਤ ਅਤੇ ਰਾਜਸਥਾਨ ਦੀਆਂ ਔਰਤਾਂ ਰਿਵਾਇਤੀ ਤੌਰ ‘ਤੇ ਬੁਣਦੀਆਂ ਰਹੀਆਂ ਹਨ। ਇੱਕ ਸਮਾਂ ਸੀ ਜਦ ਇਹ ਟੋਕਰੀਆਂ ਵਿਆਹਾਂ, ਈਦ ਅਤੇ ਹੋਰ ਖੁਸ਼ੀ ਦੇ ਮੌਕਿਆਂ ‘ਤੇ ਤੋਹਫ਼ੇ ਵਜੋਂ ਦਿੱਤੀਆਂ ਜਾਂਦੀਆਂ ਸਨ।

















